ਜਲੰਧਰ – ਡਿਪਟੀ ਕਮਿਸ਼ਨਰ ਪੁਲਿਸ ਜਲੰਧਰ ਜਗਮੋਹਨ ਸਿੰਘ ਵਲੋਂ ਦੀਵਾਲੀ ਦੇ ਤਿਉਹਾਰ ਦੇ ਮੱਦੇ ਨਜ਼ਰ ਪਟਾਕਿਆਂ ਦੀ ਵੇਚ ਸਬੰਧੀ ਜਾਰੀ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਬਰਲਟਨ ਪਾਰਕ ਜਲੰਧਰ ਵਿਖੇ ਆਰਜੀ ਲਾਇਸੰਸ ਵਾਲੀਆਂ ਦੁਕਾਨਾਂ ਤੋਂ ਇਲਾਵਾ ਕਮਿਸ਼ਨਰੇਟ ਪੁਲਿਸ ਦੇ ਅਧਿਕਾਰ ਖੇਤਰ ਵਿੱਚ ਹੋਰ ਕਿਸੇ ਵੀ ਜਗ੍ਹਾ ’ਤੇ ਪਟਾਕੇ ਵੇਚਣ ਦੀ ਆਗਿਆ ਨਹੀਂ ਹੈ।
ਡਿਪਟੀ ਕਮਿਸ਼ਨਰ ਪੁਲਿਸ ਨੇ ਜਾਰੀ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਦੀਵਾਲੀ ਦੇ ਮੱਦੇ ਨਜ਼ਰ ਪਟਾਕਿਆਂ ਦੇ ਅਣ-ਅਧਿਕਾਰਤ ਭੰਡਾਰਨ ਤੇ ਵੇਚ ਦੀ ਸੰਭਾਵਨਾ ਹੈ ਜਿਸ ਕਾਰਨ ਜਾਨੀ ਤੇ ਮਾਲੀ ਨੁਕਸਾਨ ਹੋਣ ਦਾ ਖਦਸ਼ਾ ਰਹਿੰਦਾ ਹੈ ਜਿਸ ਦੇ ਮੱਦੇ ਨਜ਼ਰ ਪਟਾਕਿਆਂ ਨੂੰ ਵੇਚਣ ਲਈ ਸਥਾਨ ਨਿਰਧਾਰਿਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਾਈਲੈਂਸ ਜ਼ੋਨ ਜਿਸ ਵਿੱਚ ਹਸਪਤਾਲ, ਵਿਦਿਅਕ ਅਦਾਰੇ ਦੇ ਨੇੜੇ ਪਟਾਕੇ ਚਲਾਉਣ ’ਤੇ ਮੁਕੰਮਲ ਪਾਬੰਦੀ ਹੋਵੇਗੀ ਇਸ ਤੋਂ ਇਲਾਵਾ ਸੁੱਚੀ ਪਿੰਡ ਦੀ ਹੱਦਬੰਦੀ ਅਤੇ ਇੰਡੀਅਨ ਆਇਲ ਕਾਰਪੋਰੇਸ਼ਨ ,ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ ਤੇ ਹਿੰਦੋਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ ਦੇ ਤੇਲ ਟਰਮੀਨਲਾਂ ਦੇ 500 ਗਜ਼ ਦੇ ਘੇਰੇ ਅੰਦਰ ਪਟਾਕੇ ਚਲਾਉਣ ’ਤੇ ਪਾਬੰਦੀ ਹੋਵੇਗੀ।
ਉਨ੍ਹਾਂ ਇਹ ਵੀ ਕਿਹਾ ਕਿ ਖਿਡੌਣਿਆਂ ਅਤੇ ਬਿਜਲਈ ਵਸਤਾਂ ਦੇ ਰੂਪ ਵਾਲੇ ਬਰਾਮਦ ਕੀਤੇ ਪਟਾਕਿਆਂ ’ਤੇ ਵੀ ਮੁਕੰਮਲ ਪਾਬੰਦੀ ਹੋਵੇਗੀ। ਉਨ੍ਹਾਂ ਅੱਗੇ ਕਿਹਾ ਕਿ ਦੀਵਾਲੀ ਮੌਕੇ ਸ਼ਾਮ 8 ਵਜੇ ਤੋਂ ਰਾਤ 10 ਵਜੇ ਤੱਕ ਪਟਾਕੇ ਚਲਾਉਣ ਦੀ ਆਗਿਆ ਹੋਵੇਗੀ। ਇਸੇ ਤਰ੍ਹਾਂ ਕ੍ਰਿਸਮਿਸ ਅਤੇ ਨਵੇਂ ਸਾਲ ਦੀ ਪੂਰਵ ਸੰਧਿਆ ਮੌਕੇ ਪਟਾਕੇ ਚਲਾਉਣ ਦੀ ਆਗਿਆ ਰਾਤ 11.55 ਵਜੇ ਤੋਂ ਰਾਤ 12.30 ਵਜੇ ਤੱਕ ਹੋਵੇਗੀ। ਉਨ੍ਹਾਂ ਇਹ ਵੀ ਦੱਸਿਆ ਕਿ ਗੁਰਪੁਰਬ ਮੌਕੇ ਸਵੇਰੇ 4 ਵਜੇ ਤੋਂ ਸਵੇਰੇ 5 ਵਜੇ ਅਤੇ ਸ਼ਾਮ ਨੂੰ 9 ਵਜੇ ਤੋਂ ਰਾਤ 10 ਵਜੇ ਤੱਕ ਪਟਾਕੇ ਚਲਾਉਣ ਦੀ ਆਗਿਆ ਹੋਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਇਨਾਂ ਹੁਕਮਾਂ ਨੂੰ ਪ੍ਰਭਾਵਸ਼ਾਲੀ ਤਰੀਕੇ ਨਾਲ ਲਾਗੂ ਕਰਨਾ ਏ.ਡੀ.ਸੀ.ਪੀ.ਸਿਟੀ-1 ਅਤੇ 2, ਏ.ਸੀ.ਪੀ.ਉਤੱਰੀ, ਏ.ਸੀ.ਪੀ.ਪੱਛਮੀ, ਏ.ਸੀ.ਪੀ.ਕੇਂਦਰੀ, ਏ.ਸੀ.ਪੀ.ਮਾਡਲ ਟਾਊਨ, ਏ.ਸੀ.ਪੀ. ਕੈਂਟ, ਏ.ਸੀ.ਪੀ.ਸੀ.ਆਰ.,ਏ.ਸੀ.ਪੀ.ਸਪੈਸ਼ਲ ਬਰਾਂਚ ਅਤੇ ਸਾਰੇ ਪੁਲਿਸ ਸਟੇਸ਼ਨਾਂ ਦੇ ਐਸ.ਐਚ.ਓਜ਼. ਵਲੋਂਂ ਯਕੀਨੀ ਬਣਾਇਆ ਜਾਵੇਗਾ।













